ਭਵਾਨੀਗੜ੍ਹ, ( ਹੈਪੀ ਸ਼ਰਮਾ )
: ਕਿਸਾਨਾਂ ਤੇ ਪਹਿਲਾਂ ਹੜਾਂ ਦੀ ਮਾਰ ਪਈ, ਜਿਸ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਘਰ ਬਾਰ, ਪਸ਼ੂ, ਮਸ਼ੀਨਰੀ ਸਭ ਹੜਾਂ ਦੀ ਭੇਂਟ ਚੜ ਗਈ। ਜਿਹੜਾ ਇਲਾਕਾ ਹੜਾਂ ਤੋਂ ਬਚਿਆ ਸੀ ਉਸ ਉਪਰ ਹੁਣ ਖਤਰਨਾਕ ਵਾਇਰਸ ਨੇ ਹਮਲਾ ਕਰ ਦਿੱਤਾ ਹੈ ਜਿਸ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਪੱਕੀ ਪਕਾਈ ਫਸਲ ਬਿਲਕੁੱਲ ਬਰਬਾਦ ਹੋਣ ਕਿਨਾਰੇ ਹੈ।
ਭਵਾਨੀਗੜ੍ਹ ਦੇ ਨੇੜਲੇ ਪਿੰਡ ਕਾਕੜਾ ਵਿਖੇ ਇਕ ਖਤਰਨਾਕ ਵਾਇਰਸ ਨੇ ਹਰੀ ਭਰੀ ਝੋਨੇ ਦੀ ਪੱਕਣ ਤੇ ਆਈ ਫਸਲ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਹਰਵਿੰਦਰ ਸਿੰਘ ਕਾਕੜਾ, ਕਿਸਾਨ ਰਜਵੰਤ ਸਿੰਘ, ਕਿਸਾਨ ਰਛਪਾਲ ਸਿੰਘ ਇਸਨੂੰ ਚਾਇਨਾ ਵਾਇਰਸ ਵੀ ਕਹਿ ਰਹੇ ਹਨ। ਇਸ ਵਾਇਰਸ ਕਾਰਨ ਹੁਣ ਜਿੱਥੇ ਝੋਨੇ ਦੀ ਫਸਲ ਪੱਕਣ ਕਿਨਾਰੇ ਹੈ ਅਤੇ ਪੂਰੇ ਜੋਬਨ ਤੇ ਹੁੰਦੀ ਹੈ ਜਿਸਦਾ ਕੱਦ ਤਿੰਨ ਤੋਂ ਸਾਢੇ ਤਿੰਨ ਫੁੱਟ ਹੁੰਦਾ ਹੈ ਪਰੰਤੂ ਇਸ ਵਾਇਰਸ ਕਾਰਨ ਝੋਨੇ ਦੀ ਫਸਲ ਦਾ ਕੱਦ ਸਿਰਫ ਅੱਧਾ ਫੁੱਟ ਹੀ ਰਹਿ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਇਸ ਵਾਰ ਤਾਂ ਸਾਡੇ ਕੋਲੋ ਜ਼ਮੀਨਾ ਦੇ ਠੇਕੇ ਵੀ ਨਹੀਂ ਭਰੇ ਜਾਣਗੇ। ਖਰਚਾ ਉਪਰੋਂ ਦੀ ਹੋਰ ਹੋ ਗਿਆ। ਇਸ ਸਬੰਧੀ ਜਦੋਂ ਕਿਸਾਨਾਂ ਨੇ ਖੇਤੀਬਾੜੀ ਮਾਹਿਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਿਹੜੇ ਝੋਨੇ ਦੇ ਬੂਟੇ ਸੁੱਕ ਰਹੇ ਹਨ ਉਹਨਾਂ ਨੂੰ ਜੜੋਂ ਮਿੱਟੀ ਸਮੇਤ ਪੁੱਟ ਕੇ ਜ਼ਮੀਨ ਵਿਚ ਦੱਬ ਦਿੱਤਾ ਜਾਵੇ।
ਕਿਸਾਨਾਂ ਨੇ ਰੋਸ ਜਤਾਇਆ ਕਿ 80 ਫੀਸਦੀ ਨਸ਼ਟ ਹੋਈ ਫਸਲ ਨੂੰ ਧਰਤੀ ਵਿਚ ਕਿਵੇਂ ਦੱਬਿਆ ਜਾ ਸਕਦਾ ਹੈ। ਉਹਨਾਂ ਸਰਕਾਰ ਤੇ ਰੋਸ ਜਤਾਇਆ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਕਿਹਾ ਕਰਦੇ ਸਨ ਕਿ ਤੁਹਾਡੇ ਪਿੰਡਾਂ ਵਿਚ ਅਫਸਰ ਆਇਆ ਕਰਨਗੇ ਅਤੇ ਇਕ ਦਿਨ ਵਿਚ ਹੀ ਸਾਰੇ ਪਿੰਡ ਦੀ ਫਸਲ ਤੇ ਸਪਰੇਅ ਕੀਤੀ ਜਾਇਆ ਕਰੇਗੀ ਤਾਂ ਜੋ ਬਿਮਾਰੀ ਦੂਜੇ ਖੇਤ ਵਿਚ ਨਾ ਜਾ ਸਕੇ। ਪਰੰਤੂ ਹੁਣ ਨਾ ਇਕ ਦਿਨ ਵਿਚ ਸਪਰੇਅ ਹੋਈ ਹੈ ਅਤੇ ਨਾ ਹੀ ਕੋਈ ਸਰਕਾਰੀ ਅਫਸਰ ਪਿੰਡ ਵਿਚ ਕਿਸਾਨਾਂ ਦੀ ਸਾਰ ਲੈਣ ਪਹੁੰਚਿਆ ਹੈ। ਕਿਸਾਨਾਂ ਨੇ ਕਿਹਾ ਕਿ ਸਾਨੂੰ ਤਾਂ ਹੁਣ ਇਹ ਫਿਕਰ ਹੈ ਕਿ ਜਿਹਨਾਂ ਤੋਂ ਅਸੀਂ ਜ਼ਮੀਨਾਂ ਠੇਕੇ ਤੇ ਲਈਆਂ ਹਨ ਉਹਨਾਂ ਨੂੰ ਜਮੀਨ ਦਾ ਠੇਕਾ ਦੇਣ ਲਈ ਸਾਨੂੰ ਆਪਣੀਆਂ ਜ਼ਮੀਨਾਂ ਹੀ ਵੇਚਣੀਆਂ ਪੈਣਗੀਆਂ।
Leave a Reply